ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੂਬੇ ਵਿੱਚ ਲਿੰਗ ਜਾਂਚਣ ਦੇ ਵਪਾਰ ਨੂੰ ਠੱਲ ਪਾਉਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੰਨਿਆ ਭਰੂਣ ਹੱਤਿਆ ਦੇ ਗੈਰ ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾ ਸਕੇ। ਹਾਲ ਹੀ ਵਿੱਚ ਅਜਿਹੀ ਹੀ ਇੱਕ ਮੁਹਿੰਮ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਜੌਹਲ ਦੀ ਨਿਗਰਾਨੀ ਹੇਠ ਚਲਾਈ ਗਈ ਜਿਸ ਤਹਿਤ ਲੁਧਿਆਣਾ ਵਿੱਚ ਇੱਕ ਅਣਅਧਿਕਾਰਤ ਸਕੈਨ ਸੈਂਟਰ ਦਾ ਪਰਦਾਫਾਸ਼ ਕਰਦਿਆਂ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ।
ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਹਨਾਂ ਨੂੰ ਲੁਧਿਆਣਾ ਵਿੱਚ ਲਿੰਗ ਨਿਰਧਾਰਣ ਰੈਕੇਟ ਚਲਾਉਣ ਦੀ ਇੱਕ ਗੁਪਤ ਸੂਚਨਾ ਗੁਰਦਾਸਪੁਰ ਜਿਲੇ ਤੋਂ ਮਿਲੀ ਜਿਸ ‘ਤੇ ਕਾਰਵਾਈ ਕਰਦਿਆਂ ਸਿਵਲ ਸਰਜਨ ਗੁਰਦਾਸਪੁਰ ਕਿਸਨ ਚੰਦ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਤਹਿਤ ਇਕ ਫ਼ਰਜੀ ਮਰੀਜ਼ ਤਿਆਰ ਕੀਤਾ ਗਿਆ ਅਤੇ ਉਸ ਨੂੰ ਸਕੈਨ ਸੈਂਟਰ ‘ਤੇ ਭੇਜਿਆ ਗਿਆ ਜਿਥੇ ਉਸਨੂੰ ਭਰੂਣ ਦਾ ਲਿੰਗ ਜਾਂਚਣ ਲਈ 15,000 ਰੁਪਏ ਦੀ ਅਦਾਇਗੀ ਕਰਨ ਲਈ ਕਿਹਾ ਗਿਆ। ਉਹਨਾਂ ਨੇ ਸਿਹਤ ਵਿਭਾਗ ਵੱਲੋਂ ਨੋਟ ਕੀਤੇ ਨੰਬਰਾਂ ਵਾਲੇ ਪੰਦਰਾਂ ਹਜ਼ਾਰ ਰੁਪਏ ਦੇ ਕਰੰਸੀ ਨੋਟ ਵੀ ਮਰੀਜ਼ ਨੂੰ ਦਿੱਤੇ। ਏਜੰਟ ਦੁਆਰਾ ਹਦਾਇਤ ਕੀਤੇ ਜਾਣਕਾਰੀ ਅਨੁਸਾਰ ਇੱਕ ਮਹਿਲਾ ਲੁਧਿਆਣਾ ਦੇ ਬਾਈਪਾਸ ਤੋਂ ਮਰੀਜ਼ ਨੂੰ ਆਪਣੀ ਕਾਰ ‘ਚ ਲੁਧਿਆਣਾ ਦੇ ਜਮਾਲਪੁਰ ਖੇਤਰ ਦੇ ਸਾਂਈ ਕਲੀਨਿਕ ਲੈ ਗਈ। ਜਿਵੇਂ ਹੀ ਡਾਕਟਰ ਨੇ ਲਿੰਗ ਜਾਂਚਣ ਲਈ ਅਲਟਰਾਸੋਨੋਗ੍ਰਾਫ਼ੀ ਸ਼ੁਰੂ ਕੀਤੀ, ਟੀਮ ਨੇ ਹਸਪਤਾਲ ਵਿਖੇ ਛਾਪਾ ਮਾਰਿਆ ਅਤੇ ਕਲੀਨਿਕ ਦੇ ਮਾਲਕ ਡਾਕਟਰ ਰਾਕੇਸ਼ ਕੁਮਾਰ ਨੂੰ ਦਿੱਤੇ ਗਏ ਕਰੰਸੀ ਨੋਟ ਵੀ ਬਰਾਮਦ ਕਰ ਲਏ, ਜੋ ਵਿਭਾਗ ਦੁਆਰਾ ਦਿੱਤੇ ਗਏ ਨੋਟਾਂ ਦੇ ਨੰਬਰਾਂ ਨਾਲ ਮੇਲ ਖਾਂਦੇ ਸਨ। ਦੋਸ਼ੀ ਡਾਕਟਰ ਨੂੰ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਨਾਲ ਰੰਗੇ ਹੱਥੀਂ ਫੜਿਆ ਗਿਆ ਅਤੇ ਉਹ ਅਲਟਰਾਸਾਉਂਡ ਸਕੈਨ ਸੈਂਟਰ ਦੇ ਰਜਿਸਟ੍ਰੇਸ਼ਨ ਸੰਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ ਅਤੇ ਇਸ ਤੋਂ ਇਲਾਵਾ ਉਹ ਪੀ ਐਨ ਡੀ ਟੀ ਐਕਟ ਅਧੀਨ ਹੋਰ ਜ਼ਰੂਰੀ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮਰੀਜ਼ ਤੋਂ ਕੋਈ ਆਈ.ਡੀ. ਨੰਬਰ ਨਹੀਂ ਲਿਆ ਗਿਆ ਸੀ ਅਤੇ ਨਾ ਹੀ ਉਸ ਵੱਲੋਂ ਕੋਈ ਸਹਿਮਤੀ ਦਰਜ ਕੀਤੀ ਗਈ ਸੀ।
ਮੌਕੇ ‘ਤੇ ਪਹੁੰਚੀ ਟੀਮ ਨੇ ਪੋਰਟੇਬਲ ਅਲਟਰਾਸਾਉਂਡ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਨਾਲ ਹੀ ਜਮਾਲਪੁਰ ਪੁਲਿਸ ਨੇ ਸਿਵਲ ਸਰਜਨ ਲੁਧਿਆਣਾ ਦੀ ਹਾਜ਼ਰੀ ਵਿਚ ਦੋਸ਼ੀ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਵਿਰੁੱਧ ਪੀਸੀ ਐਂਡ ਪੀਐਨਡੀਟੀ ਐਕਟ, ਆਈਪੀਸੀ ਅਤੇ ਸੀਆਰਪੀਸੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ।