Home News ਬਰਗਾੜੀ ਮਾਮਲਾ: ਬਾਦਲ ਪਰਿਵਾਰ ਦੇ ਪਾਪਾਂ ਦਾ ਘੜਾ ਭਰ ਚੁੱਕਾ, ਸਜਾ ਭੁਗਤਣ ਲਈ...

ਬਰਗਾੜੀ ਮਾਮਲਾ: ਬਾਦਲ ਪਰਿਵਾਰ ਦੇ ਪਾਪਾਂ ਦਾ ਘੜਾ ਭਰ ਚੁੱਕਾ, ਸਜਾ ਭੁਗਤਣ ਲਈ ਤਿਆਰ ਰਹਿਣ- ਸੁਖਜਿੰਦਰ ਸਿੰਘ ਰੰਧਾਵਾ  

ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੇ ਛੇ ਕਾਂਗਰਸੀ ਵਿਧਾਇਕਾਂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੀਬੀਆਈ ਵੱਲੋਂ ਬਰਗਾੜੀ ਮਾਮਲੇ ਵਿੱਚ ਕਲੋਜਰ ਰਿਪੋਰਟ ਮਾਮਲੇ ਵਿੱਚ ਵਿਰੋਧ ਕਰਨ ਦੇ ਬਿਆਨ ਉਤੇ ਆੜੇ ਹੱਥੀਂ ਲੈਂਦਿਆਂ ਨਸੀਹਤ ਦਿੱਤੀ ਹੈ ਕਿ ਉਹ ਮੱਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੇ ਅਤੇ ਆਪਣੇ ਕੀਤੇ ਪਾਪਾਂ ਲਈ ਸਜਾ  ਭੁਗਤਣ ਲਈ ਤਿਆਰ ਰਹੇ।

ਅੱਜ ਇੱਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸ ਰੰਧਾਵਾ ਅਤੇ ਕਾਂਗਰਸੀ ਵਿਧਾਇਕਾਂ ਸ ਕੁਸਲਦੀਪ ਸਿੰਘ ਕਿੱਕੀ ਢਿੱਲੋਂ, ਸ ਹਰਪ੍ਰਤਾਪ ਸਿੰਘ ਅਜਨਾਲਾ, ਰਾਜਾ ਅਮਰਿੰਦਰ ਸਿੰਘ ਵੜਿੰਗ, ਸ ਬਰਿੰਦਰਮੀਤ ਸਿੰਘ ਪਾਹੜਾ, ਸ ਫਤਹਿਜੰਗ ਸਿੰਘ ਬਾਜਵਾ ਤੇ ਸ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਜੇਕਰ ਸੁਖਬੀਰ ਸੱਚੇ ਦਿਲੋਂ ਸੀਬੀਆਈ ਦੇ ਫੈਸਲੇ ਦਾ ਵਿਰੋਧ ਕਰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵਉੱਚ ਮੰਨਦੇ ਹਨ ਤਾਂ ਉਹ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਕੋਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਵਾਉਣ ਕਿਉਂਕਿ ਉਂਹ ਕੇਂਦਰ ਸਰਕਾਰ ਵਿੱਚ ਸੱਤਾ ਚ ਭਾਈਵਾਲ ਹੈ ਜਿਸ ਦੇ ਅਧੀਨ ਸੀਬੀਆਈ ਆਉਂਦੀ ਹੈ।

punjab sukhjinder randhawa

ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਸੀਬੀਆਈ ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ ਜੋ ਬੇਅਦਬੀ ਮਾਮਲਿਆਂ ਵਿੱਚ ਸਿੱਧੇ ਤੌਰ ਉਤੇ ਦੋਸੀ ਹਨ ਅਤੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਵਿੱਚ ਪੱਬਾਂ ਭਾਰ ਸਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਵਾਸਤੇ 2012 ਵਿੱਚ ਆਪਣੀ ਸਰਕਾਰ ਵੇਲੇ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਬਠਿੰਡਾ ਕੋਰਟ ਵਿੱਚ ਦਾਇਰ ਚਾਰਜਸੀਟ ਵਾਪਸ ਲੈ ਲਈ ਸੀ ਜਿਹੜੀ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ਵਿੱਚ ਦਾਇਰ ਸੀ।

ਉਨ੍ਹਾਂ ਕਿਹਾ ਕਿ ਦਰਅਸਲ ਸੁਖਬੀਰ ਦੀ ਹਾਲਤ ਉਸ ਚਤੁਰ ਬਣਦੇ ਚੋਰ ਵਰਗੀ ਹੈ ਜਿਹੜਾ ਖੁਦ ਚੋਰ ਹੁੰਦਾ ਹੋਇਆ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਦੂਜਿਆਂ ਵੱਲ ਉਂਗਲਾਂ ਕਰ ਕੇ ਚੋਰ ਚੋਰ ਦੀ ਕਾਂਵਾਂ ਰੌਲੀ ਪਾਉਂਦਾ ਹੈ ਪਰ ਪੰਜਾਬ ਦੇ ਬੱਚੇ ਬੱਚੇ ਨੂੰ ਹੁਣ ਇਹ ਪਤਾ ਲੱਗ ਚੁੱਕਿਆ ਹੈ ਕਿ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸਹਾਰੇ ਆਪਣੀ ਕੁਰਸੀ ਬਚਾਉਣ ਲਈ ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦਾ ਮਹਾਂ ਪਾਪ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਸੁਖਬੀਰ ਨਹੀਂ ਸਗੋਂ ਉਸ ਅੰਦਰਲੇ ਉਹਨਾਂ ਪਾਪਾਂ ਦਾ ਡਰ ਬੋਲ ਰਿਹਾ ਹੈ ਜਿਨਾਂ ਦੀ ਸਜਾ ਉਸ ਨੂੰ ਹਰ ਹਾਲਤ ਵਿੱਚ ਭੁਗਤਣੀ ਹੀ ਪੈਣੀ ਹੈ ਕਿਉਂਕਿ ਬਾਦਲ ਪਰਿਵਾਰ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ।

ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਸੀਬੀਆਈ ਇਨ੍ਹਾਂ ਕੇਸਾਂ ਦੇ ਮਾਮਲੇ ਵਿੱਚ ਕਠਪੁਤਲੀ ਦਾ ਕੰਮ ਕਰ ਰਹੀ ਹੈ ਜੋ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗੰਭੀਰ ਨਹੀਂ ਸੀ। ਸੀਬੀਆਈ ਉਦੋਂ ਹਰਕਤ ਵਿੱਚ ਆਈ ਜਦੋਂ ਆਰ ਐਸ ਖੱਟੜਾ ਦੀ ਅਗਵਾਈ ਵਿੱਚ ਬਣਾਈ ਪੰਜਾਬ ਪੁਲਿਸ ਦੀ ਐਸ ਆਈ ਟੀ ਨੇ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਦਿਆਂ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੀਬੀਆਈ ਦੀ ਨੀਅਤ ਉਤੇ ਪਹਿਲਾ ਹੀ ਸੱਕ ਸੀ ਜਿਸ ਕਾਰਨ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਵਿੱਚ ਕੇਸ ਸੀਬੀਆਈ ਤੋਂ ਵਾਪਸ ਲੈ ਲਏ ਸਨ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਭਾਜਪਾ ਵੱਲੋਂ ਹਰਿਆਣਾ ਚੋਣਾਂ ਨੂੰ ਦੇਖਦਿਆਂ ਡੇਰਾ ਮੁਖੀ ਨੂੰ ਪੈਰੋਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਉਤੇ ਅਕਾਲੀ ਦਲ ਦੇ ਕਥਿਤ ਪੰਥਕ ਆਗੂਆਂ ਨੇ ਆਪਣੇ ਮੂੰਹਾਂ ਉਤੇ ਜਿੰਦਾ ਲਾ ਲਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਪੰਥਕ ਮਖੌਟਾ ਹੁਣ ਉਤਰ ਗਿਆ ਹੈ ਅਤੇ ਸੁਖਬੀਰ ਬਾਦਲ ਦੇ ਮੱਗਰਮੱਛ ਦੇ ਹੰਝੂ ਵੀ ਹੁਣ ਅਕਾਲੀ ਦਲ ਨੂੰ ਸਿੱਖ ਕੌਮ ਵੱਲੋਂ ਬਾਦਲ ਪਰਿਵਾਰ ਪ੍ਰਤੀ ਨਫਰਤ ਨੂੰ ਦੂਰ ਨਹੀਂ ਕਰ ਸਕਦੇ।S

RELATED ARTICLES

LEAVE A REPLY

Please enter your comment!
Please enter your name here

ताजा खबरें