Home News ਪੰਜਾਬ ਦੇ ਮੁੱਖ ਮੰਤਰੀ ਵੱਲੋਂ 9592 ਨਿਯੁਕਤੀ ਪੱਤਰ ਦੇਣ ਦੇ ਨਾਲ ਸਰਕਾਰ...

ਪੰਜਾਬ ਦੇ ਮੁੱਖ ਮੰਤਰੀ ਵੱਲੋਂ 9592 ਨਿਯੁਕਤੀ ਪੱਤਰ ਦੇਣ ਦੇ ਨਾਲ ਸਰਕਾਰ ਵੱਲੋਂ ਦਿੱਤੀਆਂ ਨੌਕਰੀਆਂ ਦੀ ਕੁੱਲ ਗਿਣਤੀ 161522 ਹੋਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੁਆਰਾ ਸ਼ੁਰੂ ਕੀਤੀ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਸਕੀਮ ਤਹਿਤ ਅੱਜ ਇੱਥੇ 9592 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਿਸ ਨਾਲ ਸੂਬਾ ਸਰਕਾਰ ਵੱਲੋਂ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਦਿੱਤੀਆਂ ਗਈਆਂ ਨੌਕਰੀਆਂ ਦੀ ਕੁੱਲ ਗਿਣਤੀ 1,61,522 ਹੋ ਗਈ ਹੈ। ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੱਤਾ ਵਿੱਚ ਆਈ ਸੀ ਅਤੇ ਉਸ ਤੋਂ ਬਾਅਦ ਸੂਬੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਦਾ ਦੌਰ ਸ਼ੁਰੂ ਹੋਇਆ ਸੀ। ਕੈਪਟਨ ਸਰਕਾਰ ਬਣਨ ਤੋਂ ਪੂਰੇ ਇੱਕ ਸਾਲ ਬਾਅਦ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਦੂਜੇ ਨੌਕਰੀ ਮੇਲੇ ਦੌਰਾਨ ਨਿਯੁਕਤੀ ਪੱਤਰ ਸੌਂਪੇ ਹਨ। ਦੂਜਾ ਨੌਕਰੀ ਮੇਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 20 ਫਰਵਰੀ ਤੋਂ 8 ਮਾਰਚ ਤੱਕ ਸੂਬੇ ਦੀਆਂ 150 ਥਾਵਾਂ ‘ਤੇ ਕਰਵਾਇਆ ਗਿਆ, ਜਿਸ ਵਿੱਚ ਮਾਰੂਤੀ ਸਾਜ਼ੂਕੀ, ਮਾਈਕਰੋਸਾਫਟ, ਆਈ.ਸੀ.ਆਈ.ਸੀ. ਬੈਂਕ, ਐਮਾਜ਼ਾਨ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਹੁਨਰ ਦੀ ਪਛਾਣ ਕਰਕੇ ਉਨ੍ਹਾਂ ਵਿਚੋਂ ਨੌਜਵਾਨਾਂ ਨੂੰ ਨੌਕਰੀ ਲਈ ਚੁਣਿਆ।

punjab gov nokri

ਅੱਜ ਇੱਥੇ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੌਰਾਨ 1.61 ਲੱਖ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾ ਦਿੱਤੀਆਂ ਹਨ ਪਰ ਉਹ ਅਜੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀ ਹੈ, ਜਿਸ ਕਰਕੇ ਹੁਣ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗਤੀ ਹੋਰ ਵਧਾਈ ਜਾਵੇਗੀ। ਉਨ੍ਹਾਂ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਯੂਨੀਵਰਸਿਟੀਆਂ ਵਿੱਚ ਨੌਕਰੀਆਂ ਮੁਹੱਈਆ ਕਰਵਾਉਣ ਸਮੇਂ ਵੱਖ-ਵੱਖ ਸਰੋਤਾਂ ਤੋਂ ਰੋਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ 15000 ਐਮ.ਐਸ.ਐਮ.ਈਜ ਵੱਲੋਂ 90,000 ਹੋਰ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਇਨ੍ਹਾਂ ਨੇ ਸਾਲ 2017-18 ਦੌਰਾਨ ਆਪਣੇ ਆਪ ਨੂੰ ਉਦਯੋਗ ਵਿਭਾਗ ਨਾਲ ਰਜਿਸਟਰਡ ਕਰਵਾਇਆ ਹੈ।

ਨੌਕਰੀ ਮੇਲਿਆਂ ਦੌਰਾਨ ਸਿਰਫ ਘੱਟ ਤਨਖਾਹ ‘ਤੇ ਨੌਕਰੀਆਂ ਦੇਣ ਦੇ ਭੰਡੀ ਪ੍ਰਚਾਰ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਸਲਾਨਾ 3 ਲੱਖ ਰੁਪਏ ਤੋਂ 31 ਲੱਖ ਰੁਪਏ ਤੱਕ ਦਾ ਪੈਕੇਜ ਦਿੱਤਾ ਗਿਆ ਹੈ। 8 ਕੰਪਨੀਆਂ ਨੇ ਸਲਾਨਾ 12 ਲੱਖ ਰੁਪਏ ਤੋਂ ਵੱਧ ਦੇ ਪੈਕੇਜ ਦਿੱਤੇ ਹਨ, ਜਦਕਿ 12 ਕੰਪਨੀਆਂ ਨੇ 10 ਲੱਖ ਰੁਪਏ ਤੋਂ ਵੱਧ, 24 ਕੰਪਨੀਆਂ ਨੇ 7 ਲੱਖ ਰੁਪਏ ਤੋਂ ਵੱਧ ਅਤੇ 66 ਕੰਪਨੀਆਂ ਨੇ 5 ਲੱਖ ਰੁਪਏ ਤੋਂ ਵੱਧ ਦੇ ਸਲਾਨਾ ਪੈਕੇਜ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਘੱਟ ਤਨਖਾਹ ਮਿਲਣ ਦੀ ਗਲਤ ਧਾਰਨਾ ਹੇਠ ਸਿਰਫ ਸਰਕਾਰੀ ਨੌਕਰੀਆਂ ਪਿੱਛੇ ਹੀ ਨਾ ਭੱਜਣ ਦੀ ਅਪੀਲ ਕੀਤੀ ਕਿਉਂਕਿ ਪ੍ਰਾਈਵੇਟ ਕੰਪਨੀਆਂ ਬਹੁਤ ਵਧੀਆ ਪੈਕੇਜਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ”ਘਰ-ਘਰ ਰੋਜ਼ਗਾਰ” ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਦ੍ਰਿੜ੍ਹ ਹੋਣ ਦੀ ਗੱਲ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਹੀ ਲੀਹ ‘ਤੇ ਜਾ ਰਹੀ ਹੈ ਅਤੇ ਹੁਨਰ ਵਿਕਾਸ, ਖੇਡ ਅਤੇ ਬਾਗਬਾਨੀ ਸਣੇ ਵੱਖ-ਵੱਖ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਗਤੀ ਵਿੱਚ ਤੇਜ਼ੀ ਆਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਵਿੱਚ ਭਰਤੀ ਹੋਏ ਨਵੇਂ ਨੌਜਵਾਨਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੀ ਪ੍ਰਗਤੀ ਨੂੰ ਹੁਲਾਰਾ ਦੇਣ ਲਈ ਸ਼ਾਂਤੀ ਵਾਲਾ ਮਾਹੌਲ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਵਾਸਤੇ ਸੂਬੇ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਹੈ ਅਤੇ ਉਹ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਣਗੇ।

ਇਸ ਮੌਕੇ ਆਪਣੇ ਭਾਸ਼ਣ ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ”ਇੱਕ ਘਰ ਇੱਕ ਨੌਕਰੀ” ਦਾ ਆਪਣਾ ਵਾਅਦਾ ਪੂਰਾ ਕਰਨ ਲਈ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਅੰਤਰਰਾਸ਼ਟਰੀ ਮੇਲਾ ਕਰਵਾਉਣ ਬਾਰੇ ਵੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਵਿਦੇਸ਼ਾਂ ਵਿੱਚੋਂ ਵੀ ਰੋਜ਼ਗਾਰ ਮੁਹੱਈਆ ਕਰਾਉਣ ਵਾਲਿਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਨੌਕਰੀ ਪ੍ਰਾਪਤ ਕਰਨ ਵਾਸਤੇ ਵੱਡਾ ਮੰਚ ਉਪਲੱਬਧ ਕਰਵਾਇਆ ਜਾ ਸਕੇ।

ਵਿੱਤ ਅਤੇ ਰੋਜ਼ਗਾਰ ਪੈਦਾ ਕਰਨ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ”ਘਰ-ਘਰ ਰੋਜ਼ਗਾਰ” ਨੂੰ ਅਣਥੱਕ ਯਤਨਾਂ ਨਾਲ ਅੱਗੇ ਲਿਜਾਣ ਲਈ ਆਪਣੀ ਸਰਕਾਰ ਵੀ ਵਚਨਬੱਧਤਾ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਦਾ ਟੀਚਾ ਸਿਰਫ ਅਜੇ ਇੱਥੇ ਸ਼ੁਰੂਆਤ ਹੀ ਹੈ ਉਨ੍ਹਾਂ ਨੇ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਸ੍ਰ. ਬਾਦਲ ਨੇ ਸੂਬੇ ਦੇ ਵਿਕਾਸ ਵਿੱਚ ਕਾਂਗਰਸ ਪਾਰਟੀ ਦੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਵਿਕਾਸ ਦੇ ਸਬੰਧ ਵਿੱਚ ਕਾਂਗਰਸ ਦਾ ਕੋਈ ਵੀ ਮੁਕਾਬਲਾ ਨਹੀਂ ਹੈ।

ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ”ਘਰ-ਘਰ ਰੋਜ਼ਗਾਰ” ਯੋਜਨਾ ਹੇਠ 13.24 ਲੱਖ ਨਿਵੇਦਕਾਂ ਨਾਲ ਐਸ.ਐਮ.ਐਸਜ. ਦੇ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ”ਘਰ-ਘਰ ਰੋਜ਼ਗਾਰ” ਦੇ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਲਈ ਕਿਹਾ ਹੈ। ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਇਸ ਪੋਰਟਲ ‘ਤੇ ਨੌਕਰੀ ਦੀ ਚਾਹਤ ਰੱਖਣ ਵਾਲੇ 90413 ਨੌਜਵਾਨਾਂ ਨੇ ਰਜਿਸਟਰਡ ਕਰਵਾਇਆ ਹੈ ਜਦਕਿ 2090 ਕੰਪਨੀਆਂ ਨੇ ਵੀ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ।

ਆਪਣੇ ਸੰਖੇਪ ਭਾਸ਼ਣ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਕਿਉਂਕਿ ਸੂਬੇ ਦੇ ਲੋਕਾਂ ਨੂੰ ਪਿਛਲੇ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਪਿਛਲੀ ਸਰਕਾਰ ਨੇ ਵਿਕਾਸ ਦੇ ਮੌਕਿਆਂ ਤੋਂ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਹੈ ਅਤੇ ਇਸ ਨੇ ਗੈਂਗਸਟਰਾਂ ਦਾ ਸਫਾਇਆ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਨਅਤਕਾਰਾਂ ਦਾ ਵੀ ਵਿਸ਼ਵਾਸ਼ ਬਹਾਲ ਕੀਤਾ ਹੈ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰ ਦੀ ਪ੍ਰਵਾਨਗੀ ਦਿਵਾਉਣ ਲਈ ਇੱਕ ਖਿੜਕੀ (ਸਿੰਗਲ ਵਿੰਡੋ) ਸੁਵਿਧਾ ਮੁਹੱਈਆ ਕਰਵਾਉਣ ਲਈ ਵੀ ਮੁੱਖ ਮੰਤਰੀ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਤਾਂ ਇਹ ਖਿੜਕੀ ਸਿਰਫ ਬਾਦਲ ਦੇ ਘਰ ਵੱਲ ਹੀ ਖੁੱਲ੍ਹਦੀ ਸੀ।

ਉਨ੍ਹਾਂ ਕਿਹਾ ਕਿ ਇਸ ਵਿੱਚ ਸੁਧਾਰ ਲਿਆ ਕੇ ਇਸ ਸਿੱਖਿਆ ਨੂੰ ਹੁਨਰ ਆਧਾਰਿਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਨੌਜਵਾਨ ਤਕਨੀਕੀ ਤੌਰ ‘ਤੇ ਸਿੱਖਿਅਤ ਹੋ ਸਕਣ। ਬਾਅਦ ਵਿੱਚ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਖਾਲੀ ਆਸਾਮੀਆਂ ਵਿਰੁੱਧ ਇਸ਼ਤਿਹਾਰਬਾਜੀ ਕਰਕੇ 16130 ਭਰਤੀਆਂ ਕੀਤੀਆਂ ਹਨ ਜਿਸ ਦੇ ਨਾਲ ਰੋਜ਼ਗਾਰ ਪੈਦਾ ਕਰਨ ਵਾਲੇ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਇੱਕ ਅਪ੍ਰੈਲ 2017 ਤੋਂ ਹੁਣ ਤੱਕ ਮੁਹੱਈਆ ਕਰਵਾਈਆਂ ਨੌਕਰੀਆਂ ਦੀ ਕੁੱਲ ਗਿਣਤੀ 83385 ਹੋ ਗਈ ਹੈ। ਇਸ ਤੋਂ ਇਲਾਵਾ 25718 ਨੌਕਰੀਆਂ ਵੱਖ-ਵੱਖ ਵਿਭਾਗਾਂ ਵਿੱਚ ਪੈਦਾ ਕੀਤੀਆਂ ਗਈਆਂ ਹਨ ਜਦਕਿ 36022 ਨੌਕਰੀਆਂ ਰੋਜ਼ਗਾਰ ਸਕੀਮਾਂ ਹੇਠ ਪੈਦਾ ਕੀਤੀਆਂ ਗਈਆਂ ਹਨ।

ਇਸ ਸਾਲ ਦੌਰਾਨ ਮਨਰੇਗਾ ਸਕੀਮ ਨੂੰ ਵੀ ਵੱਡਾ ਹੁਲਾਰਾ ਮਿਲਿਆ ਹੈ। 15 ਫਰਵਰੀ 2018 ਤੱਕ 1.96 ਕਰੋੜ ਦਿਹਾੜੀਆਂ ਦਾ ਰੋਜ਼ਗਾਰ ਹੋਇਆ ਹੈ, ਜੋ ਕਿ ਪਿਛਲੇ ਸਾਲ ਇਸ ਹੀ ਸਮੇਂ ਦੀਆਂ ਦਿਹਾੜੀਆਂ ਤੋਂ 31 ਫੀਸਦੀ ਵੱਧ ਹਨ। ਸਾਲ 2017-18 ਦੌਰਾਨ ਮਨਰੇਗਾ ਹੇਠ 143861 ਨਵੇਂ ਕਾਰਡ ਬਣਾਏ ਗਏ ਹਨ ਜੋ ਕਿ ਪਿਛਲੇ ਸਾਲ ਨਾਲੋਂ 41 ਫੀਸਦੀ ਵੱਧ ਹਨ।

RELATED ARTICLES

LEAVE A REPLY

Please enter your comment!
Please enter your name here

ताजा खबरें