ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਦੀ ਜਾਂਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਪਾਸੋਂ ਕਰਵਾਉਣ ਅਤੇ ਜਾਂਚ ਰਿਪੋਰਟ ਚਾਰ ਹਫ਼ਤਿਆਂ ‘ਚ ਸੌਂਪਣ ਦਾ ਸਮਾਂ ਤੈਅ ਕੀਤਾ ਹੈ। ਇਸ ਦੇ ਨਾਲ ਮੁੱਖ ਮੰਤਰੀ ਨੇ ਪੀੜਤਾਂ ਤੇ ਉਨ੍ਹਾਂ ਦੀ ਪਰਿਵਾਰਾਂ ਦੇ ਦੁੱਖ ਤੇ ਪੀੜਾ ਨੂੰ ਘਟਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੌੜੀ ਸਿਆਸਤ ਤੋਂ ਉਪਰ ਉਠ ਕੇ ਇਕਜੁਟ ਹੋਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਤਿੰਨ ਹਸਪਤਾਲਾਂ ਵਿੱਚ ਜ਼ਖਮੀਆਂ ਨੂੰ ਮਿਲਣ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਉਸ ਸਥਾਨ ਦਾ ਵੀ ਦੌਰਾ ਕੀਤਾ ਜਿੱਥੇ ਬੀਤੇ ਦਿਨ ਦੁਸਹਿਰੇ ਦੇ ਤਿਉਹਾਰ ਮੌਕੇ ਇਹ ਦੁਖਦਾਇਕ ਘਟਨਾ ਵਾਪਰੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਘਟਨਾ ਦੇ ਹਰੇਕ ਪਹਿਲੂ ਨੂੰ ਘੋਖਿਆ ਜਾਵੇਗਾ। ਇਸ ਸਬੰਧ ਵਿੱਚ ਰੇਲਵੇ ਦੀ ਕਿਸੇ ਕਿਸਮ ਦੀ ਲਾਪਰਵਾਹੀ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਜਾਂਚ ਵਿੱਚ ਵਿਚਾਰਿਆ ਜਾਵੇਗਾ ਅਤੇ ਇਹ ਵੀ ਪਤਾ ਲਾਇਆ ਜਾਵੇਗਾ ਕਿ ਇਸ ਸਮਾਗਮ ਲਈ ਪ੍ਰਵਾਨਗੀ ਹਾਸਲ ਕੀਤੀ ਗਈ ਸੀ ਜਾਂ ਨਹੀਂ ਕੀਤੀ ਗਈ ਸੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਇਸ ਮਾਮਲੇ ‘ਤੇ ਸਿਆਸਤ ਖੇਡਣ ਦਾ ਨਹੀਂ ਹੈ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਪੀੜਤਾਂ ਨੂੰ ਰਾਹਤ ਦੇਣ ਲਈ ਸਰਕਾਰ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਵੱਲੋਂ ਬੀਤੀ ਰਾਤ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਕਾਇਮ ਕੀਤਾ ਗਿਆ ਤਿੰਨ ਮੈਂਬਰੀ ਸੰਕਟ ਪ੍ਰਬੰਧਨ ਗਰੁੱਪ ਰਾਹਤ ਕਾਰਜਾਂ ਦੀ ਨਿਗਰਾਨੀ ਤੇ ਸਹਾਇਤਾ ਸਬੰਧੀ ਕਾਰਜ ਮੁਕੰਮਲ ਹੋਣ ਤੱਕ ਅੰਮ੍ਰਿਤਸਰ ਵਿੱਚ ਹੀ ਰਹੇਗਾ। ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਗਰੁੱਪ ਦੇ ਮੈਂਬਰ ਹਨ। ਇਹ ਗਰੁੱਪ ਰਾਹਤ ਕਾਰਜਾਂ ਦੀ ਨਿਗਰਾਨੀ ਕਰੇਗਾ। ਇਸੇ ਤਰਹ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੀ ਲੋੜ ਪੈਣ ਤੱਕ ਅੰਮ੍ਰਿਤਸਰ ਵਿੱਚ ਹੀ ਰੁਕਣਗੇ ਤਾਂ ਕਿ ਸਥਿਤੀ ਨੂੰ ਸਥਿਰ ਬਣਾਇਆ ਜਾ ਸਕੇ। ਮੁੱਖ ਮੰਤਰੀ ਬੀਤੀ ਰਾਤ ਤੋਂ ਸਮੁੱਚੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ ਅਤੇ ਇਸ ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਉਚ ਪੱਧਰੀ ਟੀਮ ਨੂੰ ਘਟਨਾਸਥਾਨ ‘ਤੇ ਪਹੁੰਚਣ ਦੇ ਹੁਕਮ ਦਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਨਵੀਂ ਦਿੱਲੀ ਵਿਖੇ ਹਵਾਈ ਅੱਡੇ ‘ਤੇ ਸਨ ਜਿੱਥੋਂ ਉਨ੍ਹਾਂ ਨੇ ਇਜ਼ਰਾਈਲ ਦੌਰੇ ਲਈ ਤਲ ਅਵੀਵ ਲਈ ਰਵਾਨਾ ਹੋਣਾ ਸੀ। ਜਦੋਂ ਉਨ੍ਹਾਂ ਨੇ ਇਸ ਭਿਆਨਕ ਹਾਦਸੇ ਬਾਰੇ ਸੁਣਿਆ ਤਾਂ ਉਹ ਆਪਣਾ ਇਜ਼ਰਾਈਲ ਦੌਰਾ ਮੁਲਤਵੀ ਕਰਕੇ ਵਾਪਸ ਆ ਗਏ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਅੰਮ੍ਰਿਤਸਰ ਲਈ ਰਵਾਨਾ ਹੋਣਾ ਚਾਹੁੰਦੇ ਸਨ ਪਰ ਜਿਲਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਅਜਿਹੇ ਮੌਕੇ ਵੀ.ਪੀ.ਆਈ. ਦੀ ਆਮਦ ਨਹੀਂ ਚਾਹੁੰਦੇ ਕਿਉਂ ਜੋ ਇਸ ਨਾਲ ਹੰਗਾਮੀ ਪੱਧਰ ‘ਤੇ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ‘ਤੇ ਅਸਰ ਪੈਂਦਾ ਹੈ।