https://www.xxzza1.com
Home Governance & Management ਸਵੱਛਤਾ ਸਰਵੇਖਣ ’ਚ ਪਟਿਆਲਾ ਦਾ ਪੰਜਾਬ ’ਚ ਦੂਸਰਾ ਸਥਾਨ, 535 ਕੰਪੋਸਟ ਪਿੱਟਾਂ...

ਸਵੱਛਤਾ ਸਰਵੇਖਣ ’ਚ ਪਟਿਆਲਾ ਦਾ ਪੰਜਾਬ ’ਚ ਦੂਸਰਾ ਸਥਾਨ, 535 ਕੰਪੋਸਟ ਪਿੱਟਾਂ ਰਾਹੀਂ ਸ਼ਹਿਰ ਦੇ ਗਿੱਲੇ ਕੂੜੇ ਨੂੰ ਸੰਭਾਲਿਆ ਜਾ ਰਿਹੈ

Patiala cleanliness

ਚੰਡੀਗੜ/ਪਟਿਆਲਾ, 3 ਸਤੰਬਰ:
ਨਗਰ ਨਿਗਮ, ਪਟਿਆਲਾ ਨੇ ਸ਼ਹਿਰ ਅੰਦਰ ਭੌਤਿਕ ਬੁਨਿਆਦੀ ਢਾਂਚੇ ਨੂੰ ਵਧਾਉਂਦਿਆਂ ਅਤੇ ਇੱਥੇ ਸਭ ਤੋਂ ਵਧੀਆ ਨਾਗਰਿਕ ਸਹੂਲਤਾਂ ਦੀ ਵਿਵਸਥਾ ਕਰਦਿਆਂ ਸ਼ਹਿਰ ਨੂੰ ਦੇਸ਼ ਦੇ ਸਾਫ਼ ਸੁਥਰੇ ਸ਼ਹਿਰਾਂ ਦੀ ਗਿਣਤੀ ’ਚ ਸ਼ਿਖਰਾਂ ’ਤੇ ਸ਼ੁਮਾਰ ਕਰਵਾਉਣ ਲਈ ਵੱਡੀ ਪੱਧਰ ’ਤੇ ਮੁਹਿੰਮ ਵਿੱਢੀ ਹੈ।
ਨਗਰ ਨਿਗਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਅਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਅੰਦਰ ਸਵੱਛ ਭਾਰਤ ਮਿਸ਼ਨ ਤਹਿਤ ਭੌਤਿਕ ਬੁਨਿਆਦੀ ਢਾਂਚੇ ’ਚ ਇੱਕ ਸ਼ਲਾਘਾਯੋਗ ਵਾਧਾ ਕੀਤਾ ਹੈ, ਜਿਸ ਨਾਲ ਸ਼ਹਿਰ ਨੂੰ ਸਾਫ਼ ਸੁੱਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਕੂੜਾ ਪ੍ਰਬੰਧਨ ਤਕਨੀਕਾਂ ਦੇ ਨਵੇਂ ਉਪਰਾਲੇ ਕੀਤੇ ਗਏ ਹਨ। ਇਸ ਤਰਾਂ ਭਾਰਤ ਸਰਕਾਰ ਵੱਲੋਂ ਹੁਣੇ ਜਿਹੇ ਜਾਰੀ ਕੀਤੀ ਗਈ ਸਵੱਛ ਭਾਰਤ ਦਰਜਾਬੰਦੀ ’ਚ ਪਟਿਆਲਾ ਨੇ ਪੰਜਾਬ ਭਰ ’ਚੋ ਦੂਜਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਸ਼ਹਿਰ ਨੇ ਪੂਰੇ ਦੇਸ਼ ਦੇ 100 ਸਵੱਛ ਸ਼ਹਿਰਾਂ ’ਚੋਂ 86ਵਾਂ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਪਟਿਆਲਾ ਨੇ ਆਪਣੇ ਪਿਛਲੇ ਸਵੱਛ ਸਰਵੇਖਣ ’ਚ 3054 ਤੋਂ 3467 ਅੰਕਾਂ ਨਾਲ ਵਾਧਾ ਵੀ ਦਰਜ ਕੀਤਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੇ 535 ਕੰਪੋਸਟ ਪਿਟਾਂ (ਟੋਏ) ਬਣਾਈਆਂ ਹਨ, ਜਿੱਥੇ ਪੂਰੇ ਸ਼ਹਿਰ ਵਿੱਚੋਂ ਇਕੱਠੇ ਕੀਤੇ ਗਏ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖ ਕਰਨ ਦੀ ਪ੍ਰਿਆ ਕੀਤੀ ਜਾਂਦੀ ਹੈ। ਇਹ ਟੋਏ ਬਣਾਉਣ ਨਾਲ ਜਿੱਥੇ ਬਦਬੂ ਦਾ ਕਾਰਨ ਬਣਦਾ ਗਿੱਲਾ ਕੂੜਾ, ਸੰਭਾਲਿਆ ਜਾਣ ਲੱਗਾ ਹੈ ਉਥੇ ਉਹ ਵੀ ਹੁਣ ਖਾਦ ਵੀ ਬਣਨ ਲੱਗਾ ਹੈ। ਇਹ ਨਾ ਸਿਰਫ਼ ਨਗਰ ਨਿਗਮ ਲਈ ਮਾਲੀਆ ਪੈਦਾ ਕਰਨ ਦਾ ਸਾਧਨ ਬਣਿਆ ਹੈ, ਉਥੇ ਹੀ ਇਹ ‘ਕੂੜੇ ਤੋਂ ਕਮਾਈ’ ਦੀ ਧਾਰਨਾ ਨੂੰ ਵੀ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ।
Clean Patiala
ਇਸੇ ਤਰਾਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ 6 ਐਮ.ਆਰ.ਐਫ. ਕੇਂਦਰ (ਕੂੜਾ ਇਕੱਠਾ ਕਰਨ ਦੀ ਸਹੂਲਤ) ਸਥਾਪਤ ਕੀਤੇ ਗਏ ਹਨ। ਇੱਥੇ ਸ਼ੀਸ਼ਾ, ਧਾਤਾਂ ਦੇ ਹਿੱਸੇ, ਗੱਤਾ, ਪਲਾਸਟਿਕ ਆਦਿ ਹਰ ਤਰਾਂ ਦੇ ਪਦਾਰਥਾਂ ਦੀ ਛਾਂਟੀ ਕਰਕੇ ਇਨਾਂ ਨੂੰ ਵੱਖੋਂ-ਵੱਖਰਾ ਕਰਕੇ ਅਲੱਗ-ਅਲੱਗ ਚੈਂਬਰਾਂ ’ਚ ਇਕੱਠਾ ਕੀਤਾ ਜਾਂਦਾ ਹੈ। ਇਨਾਂ ਵਸਤੂਆਂ ਨੂੰ ਅੱਗੇ ਮੁੜ ਵਰਤੋਂ ਲਈ ਭੇਜਿਆ ਜਾਂਦਾ ਹੈ, ਜੋ ਕਿ ‘ਮੁੜ ਵਰਤੋ, ਰੀਸਾਈਕਲ ਅਤੇ ਘਟਾਉ’ ਦੇ ਨਾਅਰੇ ਨੂੰ ਵੀ ਅਮਲੀ ਰੂਪ ਦੇ ਰਿਹਾ ਹੈ।
ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਨੇ ਸਵੱਛਤਾ ’ਚ ਇੱਕ ਹੋਰ ਕਦਮ ਅੱਗੇ ਵਧਾਉਂਦਿਆਂ ਰਾਜ ਦੀ ਸਭ ਤੋਂ ਬਿਹਤਰ ਅਤੇ ਅਤਿ ਉਤਮ ਤੇ ਆਧੁਨਿਕ ਉਪਰਕਣਾਂ ਵਾਲੇ ਜਨਤਕ ਤੇ ਕਮਿਉਨਿਟੀ ਟਾਇਲਟ ਦੀ ਪ੍ਰਣਾਲੀ ਵੀ ਪਟਿਆਲਾ ’ਚ ਅਰੰਭ ਕੀਤੀ ਹੈ। ਇਸ ਤਹਿਤ ਸ਼ਹਿਰ ਅੰਦਰ ਬਿਨਾਂ ਕਿਸੇ ਚਾਰਤ ਤੋਂ 84 ਜਨਤਕ ਟਾਇਲਟ ਸ਼ੁਰੂ ਕੀਤੇ ਗਏ ਹਨ, ਜਿਹਾੜੇ ਕਿ ਆਪਣੀ ਕਿਸਮ ਦੇ ਨਿਵੇਕਲੇ ਟਾਇਲਟ ਹਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 40 ਦੇ ਕਰੀਬ ਕੂੜਾਂ ਕਰਕਟ ਵਾਲੇ ਅਜਿਹੇ ਗੰਦਗੀ ਭਰਪੂਰ ਸਥਾਨ ਸਨ, ਜਿਥੇ ਲੋਕਾਂ ਵੱਲੋਂ ਆਪਣਾ ਕੂੜਾ ਵੱਡੀ ਪੱਧਰ ’ਤੇ ਸੁੱਟਿਆ ਜਾਂਦਾ ਸੀ, ਪਰੰਤੂ 2019 ’ਚ ਨਗਰ ਨਿਗਮ ਨੇ ਜਮੀਨਦੋਜ਼ ਕੂੜਾਦਾਨ ਬਣਾਉਣ ਦੀ ਪ੍ਰਿਆ ਅਰੰਭ ਕਰਕੇ ਪੰਜਾਬ ਭਰ ’ਚ ਇੱਕ ਨਵੀਂ ਮਿਸਾਲ ਪੈਦਾ ਕੀਤੀ। ਆਪਣੀ ਕਿਸਮ ਦੇ ਇਹ ਨਿਵੇਕਲੇ ਕੂੜਾ ਦਾਨ, ਕੂੜੇ ਨੂੰ ਖੁੱਲੇ ’ਚ ਪਏ ਰਹਿਣ ਤੋਂ ਬਗੈਰ 85 ਜਮੀਨਦੋਜ਼ ਬੰਦ ਡੱਬਿਆਂ ’ਚ ਸੰਭਾਲਣ ਦੇ ਸਮਰੱਥ ਬਣ ਗਏ, ਜਿਸ ਨਾਲ ਸ਼ਹਿਰ ਦੀ ਜੀਵੀਪੀ (ਖੁੱਲੇ ਸਥਾਨ) ਘਟਕੇ 5 ’ਤੇ ਆ ਗਏ ਹਨ।
ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਨਿਗਮ ਦਾ ਸਭ ਤੋਂ ਮਹੱਤਵਪੂਰਨ ਪ੍ਰਾਜੈਕਟ ਪਟਿਆਲਾ ਦੇ ਸਨੌਰੀ ਅੱਡੇ ਵਿਖੇ ਕਰੀਬ 25 ਵਰਿਆਂ ਤੋਂ ਮੁਸ਼ਕਿਲ ਦਾ ਕਾਰਨ ਬਣੇ ਢਾਈ ਲੱਖ ਟਨ ਕੂੜੇ ਦੇ ਢੇਰ ਨੂੰ ਖ਼ਤਮ ਕਰਨ ਦਾ ਹੈ, ਜਿਸ ਨੂੰ ਬਾਇਉ ਰੈਮੀਡੀਏਸ਼ਨ ਪਲਾਂਟ ਸਥਾਪਤ ਕਰਕੇ ਹੁਣ ਖ਼ਤਮ ਕੀਤਾ ਜਾ ਰਿਹਾ ਹੈ। ਲੰਬਾ ਤੇ ਉਚਾ ਕੂੜੇ ਦਾ ਇਹ ਵਿਸ਼ਾਲ ਢੇਰ, ਨਾ ਕੇਵਲ ਦੇਖਣ ਨੂੰ ਬੁਰਾ ਲੱਗਦਾ ਹੈ, ਸਗੋਂ ਨੇੜਲੇ ਇਲਾਕਿਆਂ ਲਈ ਬਿਮਾਰੀਆਂ ਦਾ ਵੀ ਕਾਰਨ ਬਣ ਰਿਹਾ ਸੀ। ਇੱਥੇ ਕੂੜੇ ਦੇ ਨਿਪਟਾਰੇ ਲਈ ਕੰਮ ਸ਼ੁਰੂ ਕਰਨ ਦੇ ਪਹਿਲੇ ਪੜਾਅ ਤਹਿਤ (ਪਹੁੰਚ ਖਿੜਕਆਂ) ਖਾਲੀ ਥਾਵਾਂ ਬਣਾਈਆਂ ਜਾ ਰਹੀਆਂ ਹਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਹੁਣ ਇਸਦਾ ਪੜਾਅਵਾਰ ਜੈਵਿਕ ਢੰਗ ਤਰੀਕਿਆਂ ਨਾਲ ਅਗਲੇ 16 ਮਹੀਨਿਆਂ ’ਚ ਨਿਪਟਾਰਾ ਕੀਤਾ ਜਾਵੇਗਾ, ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਅਰੰਭ ਹੋ ਗਿਆ ਹੈ। ਇਸ ਤਰਾਂ ਇਹ ਆਪਣੀ ਕਿਸਮ ਦਾ ਨਿਵੇਕਲਾ ਪ੍ਰਾਜੈਕਟ ਵੀ ਪੰਜਾਬ ਦੇ ਹੋਰਨਾਂ ਸ਼ਹਿਰਾਂ ਲਈ ਇੱਕ ਮਿਸਾਲ ਬਣੇਗਾ। ਕੂੜੇ ਨੂੰ ਗਿੱਲੇ ਅਤੇ ਸੁੱਕੇ ਕੂੜੇ ’ਚ ਤਬਦੀਲ ਕਰਨ ਲਈ ਸ਼ਹਿਰ ਅੰਦਰ ਜਨਤਕ ਥਾਵਾਂ ’ਤੇ 250 ਥਾਵਾਂ ’ਤੇ ਦੂਹਰੇ ਹਿੱਸਿਆਂ ਵਾਲੇ ਕੂੜਾਦਾਨ ਲਗਾਏ ਗਏ ਹਨ ਤਾਂ ਕਿ ਲੋਕ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਹੀ ਇਨਾਂ ਕੂੜਾਦਾਨਾਂ ’ਚ ਪਾਉਣ, ਜਿਸ ਲਈ ਲੋਕਾਂ, ਖਾਸ ਕਰਕੇ ਦੁਕਾਨਦਾਰਾਂ ਨੂੰ ਵਿਅਕਤੀਗ਼ਤ ਤੌਰ ’ਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲਗਾਤਾਰ ਸੂਚਨਾ ਦੇ ਸਿੱਖਿਅਤ ਕਰਨਾ ਅਤੇ ਸੰਚਾਰਕ ਗਤੀਵਿਧੀਆਂ ਜਾਰੀ ਹਨ ਤਾਂ ਕਿ ਲੋਕਾਂ ਨੂੰ ਸਵੱਛ ਭਾਰਤ ਮਿਸ਼ਨ 2016 ਦੇ ਨਿਯਮਾਂ ਤੋਂ ਜਾਣੂ ਕਰਵਾ ਕੇ ਜਾਗਰੂਕ ਕੀਤਾ ਜਾ ਸਕੇ ਅਤੇ ਕੂੜੇ ਨੂੰ ਵੱਖੋ-ਵੱਖ ਕਰਨ ’ਤੇ ਵਿਸ਼ੇਸ਼ ਜੋਰ ਦਿੱਤਾ ਜਾਂਦਾ ਹੈ। ਇਸ ਤਰਾਂ ਜਾਗਰੂਕ ਨਾਗਰਿਕਾਂ ਦੇ ਸਹਿਯੋਗ ਅਤੇ ਵਧੇਰੇ ਭਾਗੀਦਾਰੀ ਨਾਲ ਨਗਰ ਨਿਗਮ ਆਪਣੇ ਟੀਚੇ ’ਚ ਸਫ਼ਲ ਜਰੂਰ ਹੋਵੇਗਾ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਗਏ ਕਈ ਨਵੇਂ ਪ੍ਰਾਜੈਕਟ ਅਤੇ ਉਪਰਾਲੇ ਅਗਲੇ ਕੁਝ ਮਹੀਨਿਆਂ ’ਚ ਸਿਰੇ ਚੜ ਜਾਣਗੇ, ਜਿਸ ਨਾਲ ਉਨਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਪਟਿਆਲਾ ਸ਼ਹਿਰ ਸੁਹਜਮਈ ਢੰਗ ਨਾਲ ਰਹਿਣਯੋਗ ਥਾਵਾਂ ’ਚੋ ਇੱਕ ਬਣੇਗਾ ਅਤੇ ਇਹ ਸ਼ਹਿਰ ਸਵੱਛਤਾ ਦੇ ਸੰਦਰਭ ’ਚ ਨਵੇਂ ਦਿਸਹੱਦੇ ਛੂਹੇਗਾ।
RELATED ARTICLES

LEAVE A REPLY

Please enter your comment!
Please enter your name here

ताजा खबरें