ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਪਰਾਲੀ ਨਾਲ ਚਲਾਏ ਜਾਣ ਸੰਬੰਧੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿਖਾਈ ਦਿਲਚਸਪੀ ਨੂੰ ਇੱਕ ਉਮੀਦ ਵਜੋਂ ਦੇਖਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਉਹ (ਪ੍ਰਧਾਨ ਮੰਤਰੀ) ਸ੍ਰੀ ਗੁਰੂ ਨਾਨਕ ਜੀ ਨੂੰ ਸਮਰਪਿਤ ਇਸ ਥਰਮਲ ਪਲਾਂਟ ਦਾ ਵਜੂਦ ਬਚਾਉਣ ਲਈ ਤੁਰੰਤ ਦਖ਼ਲ ਅੰਦਾਜ਼ੀ ਕਰਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਮੁਤਾਬਿਕ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਥਰਮਲ ਪਲਾਂਟ ਦੀ ਸਥਾਪਨਾ ਤੋਂ ਲੈ ਕੇ ਢਾਹੇ ਜਾਣ ਸੰਬੰਧੀ ਫ਼ੈਸਲਿਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਹੈ।
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਹ ਆਪਣੀ ਸਿੱਧੀ ਦਖ਼ਲ ਅੰਦਾਜ਼ੀ ਰਾਹੀਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਸ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਨੂੰ ਢਾਹੁਣ ਸੰਬੰਧੀ ਜਾਰੀ ਈ-ਟੈਂਡਰ ਦੀ ਪ੍ਰਕਿਰਿਆ ‘ਤੇ ਰੋਕ ਲਗਾਉਣ, ਜੋ ਆਉਂਦੀ 20 ਅਗਸਤ 2020 ਨੂੰ ਖੁੱਲਣਾ ਹੈ।
ਬਠਿੰਡਾ ਥਰਮਲ ਪਲਾਂਟ ਨਾਲ ਲੋਕਾਂ ਦੀਆਂ ਜੁੜੀਆਂ ਆਰਥਿਕ, ਸਮਾਜਿਕ, ਵਿਰਾਸਤੀ ਅਤੇ ਧਾਰਮਿਕ ਭਾਵਨਾਵਾਂ ਬਾਰੇ ਦੱਸਦਿਆਂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਸਪਸ਼ਟ ਕੀਤਾ ਕਿ ਜੇਕਰ ਤਜਵੀਜ਼ ਮੁਤਾਬਿਕ ਭਾਰਤ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਇਨ੍ਹਾਂ ਥਰਮਲ ਯੂਨਿਟਾਂ ਨੂੰ ਪਰਾਲੀ (ਬਾਇਓਮਾਸ) ‘ਚ ਤਬਦੀਲ ਕਰ ਲਿਆ ਜਾਂਦਾ ਹੈ ਤਾਂ ਇਸ ਦਾ ਕਿਸਾਨਾਂ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਵੱਡਾ ਲਾਭ ਮਿਲੇਗਾ। ਕਿਸਾਨਾਂ ਨੂੰ ਮਜਬੂਰੀ ਵੱਸ ਜਲਾਉਣੀ ਪੈਂਦੀ ਪਰਾਲੀ ਦਾ ਇੱਕ ਕਮਾਊ ਵਿਕਲਪ ਮਿਲ ਜਾਵੇਗਾ। ਇਸ ਲਈ ਪ੍ਰਧਾਨ ਮੰਤਰੀ ਦਫ਼ਤਰ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਵੱਲੋਂ ਢਾਹੇ ਜਾਣ ਸੰਬੰਧੀ ਪ੍ਰਕਿਰਿਆ ਤੁਰੰਤ ਰੋਕੇ ਅਤੇ ਉਹ ਸਾਰੀਆਂ ਸੰਭਾਵਨਾਵਾਂ ਤਲਾਸ਼ੇ ਜਿੰਨਾ ਰਾਹੀਂ ਇਸ ਥਰਮਲ ਪਲਾਂਟ ਨੂੰ ਪਰਾਲੀ ਅਤੇ ਸੌਰ ਊਰਜਾ ਨਾਲ ਛੇਤੀ ਤੋਂ ਛੇਤੀ ਮੁੜ ਮਘਾਇਆ ਜਾ ਸਕੇ।
ਭਗਵੰਤ ਮਾਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਕੇਂਦਰ ਸਰਕਾਰ ਦੇ ਉੱਚ-ਅਧਿਕਾਰੀਆਂ ਨਾਲ ਪਾਵਰ ਕੌਮ ਵੱਲੋਂ ਫਰਵਰੀ 2019 ‘ਚ ਭੇਜੀ ਗਈ ਪਰਾਲੀ ‘ਤੇ ਚਲਾਉਣ ਸੰਬੰਧੀ ਤਜਵੀਜ਼ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਦੀ ਮੌਜੂਦਾ ਸਥਿਤੀ ਬਾਰੇ ਜਾਇਜ਼ਾ ਲਿਆ ਗਿਆ ਹੈ। ਜੋ ਇੱਕ ਸਕਾਰਾਤਮਿਕ ਕਦਮ ਕਿਹਾ ਜਾ ਸਕਦਾ ਹੈ।
ਬਠਿੰਡਾ ਥਰਮਲ ਪਲਾਂਟ ਬਚਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇਣ ਦਖਲ, ਭਗਵੰਤ ਮਾਨ ਨੇ ਲਿਖੀ ਚਿੱਠੀ
RELATED ARTICLES