ਚੰਡੀਗੜ੍ਹ 4 ਅਗਸਤ:
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਹਾਜਰੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਕਰਨ ਅਵਤਾਰ ਸਿੰਘ ਅਤੇ ਦੋ ਮੈਂਬਰਾਂ ਸੁਰਿੰਦਰ ਸਿੰਘ ਕੁੱਕਲ ਅਤੇ ਸੁਸੀਲ ਗੁਪਤਾ ਨੂੰ ਸੰਵਿਧਾਨ ਪ੍ਰਤੀ ਫ਼ਰਜ਼, ਗੁਪਤਤਾ ਅਤੇ ਵਫਾਦਾਰੀ ਦੀ ਸਹੁੰ ਚੁਕਾਈ। ਅਥਾਰਟੀ ਦੇ ਚੇਅਰਮੈਨ ਕਰਨ ਅਵਤਾਰ ਸਿੰਘ 1984 ਬੈਚ ਦੇ ਆਈਏਐਸ ਅਧਿਕਾਰੀ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਹਨ।
ਇਸ ਤੋਂ ਪਹਿਲਾਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਰਾਜਪਾਲ ਦੀ ਸਹਿਮਤੀ ਨਾਲ ਸਹੁੰ ਚੁੱਕ ਸਮਾਗਮ ਸ਼ੁਰੂ ਕਰਵਾਇਆ। ਸਮਾਗਮ ਤੋਂ ਬਾਅਦ ਨਵ ਨਿਯੁਕਤ ਚੇਅਰਮੈਨ ਅਤੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਭਵਿੱਖੀ ਕਾਰਜਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਹੁੰ ਚੁੱਕ ਸਮਾਗਮ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਅਥਾਰਟੀ ਦੇ ਨਵ ਨਿਯੁਕਤ ਚੇਅਰਮੈਨ ਕਰਨ ਅਵਤਾਰ ਸਿੰਘ ਨਾਲ ਇੱਕ ਸੰਖੇਪ ਮੁਲਾਕਾਤ ਤੋਂ ਬਾਅਦ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਅਥਾਰਟੀ ਨੂੰ ਸੂਬੇ ਦੇ ਜਲ ਸਰੋਤਾਂ ਦੇ ਢੁਕਵੇਂ, ਨਿਰਪੱਖ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਤੇ ਵਿਕਾਸ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਸਭ ਅਧਿਕਾਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਅਥਾਰਟੀ ਪਾਣੀ ਦੇ ਮਹੱਤਵਪੂਰਨ ਸਰੋਤਾਂ/ਸੋਮਿਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ। ਉਨਾਂ ਦੱਸਿਆ ਕਿ ਸੂਬੇ ਦੇ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਲਈ ਅਥਾਰਟੀ ਨੂੰ ਦਿਸਾ-ਨਿਰਦੇਸ ਅਤੇ ਹਦਾਇਤਾਂ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਉਨਾਂ ਉਮੀਦ ਪ੍ਰਗਟਾਈ ਕਿ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਅਥਾਰਟੀ ਕੋਈ ਸਾਰਥਕ ਨੀਤੀ ਜਾਂ ਸੁਝਾਅ ਲੈ ਕੇ ਆਵੇਗੀ। ਸ੍ਰੀ ਸਰਕਾਰੀਆ ਨੇ ਕਿਹਾ ਕਿ ਅਥਾਰਟੀ ਨੂੰ ਪਾਣੀ ਦੀ ਕੁਸਲ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਪਾਣੀ ਦੀ ਬਰਬਾਦੀ ਜਾਂ ਦੁਰਵਰਤੋਂ ਨੂੰ ਘੱਟ ਕਰਨ ਅਤੇ ਪਾਣੀ ਦੇ ਮੁੜ ਇਸਤੇਮਾਲ ਨੂੰ ਉਤਸਾਹਤ ਕਰਨ ਲਈ ਆਦੇਸ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਇਹ ਅਥਾਰਟੀ ਏਕੀਕਿ੍ਰਤ ਰਾਜ ਜਲ ਯੋਜਨਾ ਦੇ ਅਨੁਸਾਰ ਪੰਜਾਬ ਦੇ ਜਲ ਸਰੋਤਾਂ ਦੇ ਵਿਕਾਸ, ਪ੍ਰਬੰਧਨ ਅਤੇ ਸੰਭਾਲ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਅਥਾਰਿਟੀ ਸਮੇਂ-ਸਮੇਂ ‘ਤੇ ਪਾਣੀ ਦੀ ਸੰਭਾਲ, ਵਿਕਾਸ ਅਤੇ ਪ੍ਰਬੰਧਨ ਲਈ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਸਰਕਾਰ ਨੂੰ ਸਲਾਹ ਵੀ ਦੇਵੇਗੀ। ਇਕ ਮਹੱਤਵਪੂਰਨ ਕਾਰਜ ਵੱਜੋਂ ਇਹ ਅਥਾਰਟੀ ਪਾਣੀ ਦੀ ਸੰਭਾਲ, ਵਰਤੋਂ ਅਤੇ ਗੁਣਵੱਤਾ ਨਾਲ ਜੁੜੇ ਸਰਵੇਖਣਾਂ, ਜਾਂਚ ਅਤੇ ਖੋਜ ਕਾਰਜ ਵੀ ਕਰੇਗੀ।