Home Corona ਕੈਪਟਨ ਨੇ ਸੂਬੇ ਚ ਘਰੇਲੂ ਅਤੇ ਪਬਲਿਕ ਥਾਂਵਾਂ 'ਤੇ ਦੂਰੀ ਦੀ ਉਲੰਘਣਾ...

ਕੈਪਟਨ ਨੇ ਸੂਬੇ ਚ ਘਰੇਲੂ ਅਤੇ ਪਬਲਿਕ ਥਾਂਵਾਂ ‘ਤੇ ਦੂਰੀ ਦੀ ਉਲੰਘਣਾ ਲਈ ਵਧਾਏ ਜੁਰਮਾਨੇ

Capt Amarinder reviews penalties for Social distancing

ਚੰਡੀਗੜ੍ਹ, 23 ਜੁਲਾਈ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸੂਬੇ ਵਿੱਚ ਇਸ ਵੇਲੇ 951 ਮਰੀਜ਼ ਘਰੇਲੂ ਏਕਾਂਤਵਾਸ ਵਿੱਚ ਹਨ।
ਮੁੱਖ ਮੰਤਰੀ ਨੇ ਸੂਬੇ ਵਿੱਚ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ ‘ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ।
ਸੂਬੇ ਵਿੱਚ ਕੋਵਿਡ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਸੱਦੀ ਵੀਡਿਓ ਕਾਨਫਰੰਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕੱਠਾਂ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਅਤੇ ਤੈਅ ਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ ‘ਤੇ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਅੱਜ ਐਲਾਨੇ ਗਏ ਜੁਰਮਾਨੇ/ਦੰਡ ਪਹਿਲੇ ਐਲਾਨੇ ਗਏ ਜੁਰਮਾਨਿਆਂ ਤੋਂ ਵੱਖ ਹੋਣਗੇ। ਮਈ ਮਹੀਨੇ ਵਿੱਚ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ਉਤੇ 500 ਰੁਪਏ ਜੁਰਮਾਨਾ, ਘਰੇਲੂ ਏਕਾਂਤਵਾਸ ਦੀਆਂ ਹਦਾਇਤਾਂ ਦੇ ਉਲੰਘਣ ‘ਤੇ 200 ਰੁਪਏ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ 500 ਰੁਪਏ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ।
ਮੌਜੂਦਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ/ਵਪਾਰਕ ਥਾਵਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ ‘ਤੇ 2000 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ ਜਦਕਿ ਬੱਸਾਂ ਅਤੇ ਕਾਰਾਂ ਵਿੱਚ ਅਜਿਹੀ ਉਲੰਘਣਾ ਕਰਨ ‘ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਆਟੋ-ਰਿਕਸ਼ਾ/ਦੋ-ਪਹੀਆ ਵਾਹਨਾਂ ਦੇ ਸਬੰਧ ਵਿੱਚ 500 ਰੁਪਏ ਜੁਰਮਾਨਾ ਦੇਣਾ ਹੋਵੇਗਾ।
ਸੂਬਾ ਭਰ ਵਿੱਚ ਉਲੰਘਣਾ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦੌਰਾਨ ਹੋਰ ਜੁਰਮਾਨਿਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਮਾਸਕ ਨਾ ਪਹਿਨਣ ਲਈ ਰੋਜ਼ਾਨਾ ਲਗਪਗ 5000 ਚਲਾਨ ਕੱਟੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਾਸਕ ਪਹਿਨਣਾ ਲਾਜ਼ਮੀ ਕਰਨ ਦੇ ਅਮਲ ਨੂੰ ਸਖਤੀ ਨਾਲ ਯਕੀਨੀ ਬਣਾਉਣ ਲਈ ਕਰੜੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਮੁੱਖ ਮਤੰਰੀ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਸੂਬੇ ਵਿੱਚ ਧਾਰਮਿਕ ਥਾਵਾਂ ‘ਤੇ ਮਾਸਕ ਪਹਿਨਣ ਸਮੇਤ ਕੋਵਿਡ ਸਬੰਧੀ ਹੋਰ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੇ ਪਾਲਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਧਾਰਮਿਕ ਸ਼ਖਸੀਅਤਾਂ ਨੂੰ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਥਾਵਾਂ ਰਾਹੀਂ ਆਵਾਜ਼ਾਂ ਦੇ ਕੇ ਇਸ ਸਬੰਧ ਵਿੱਚ ਲੋਕਾਂ ਨੂੰ ਜਾਗੂਰਕ ਕਰਨ ਦੀ ਵੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਯੂਨੀਅਨਾਂ ਨੂੰ ਇਕ ਵਾਰ ਫੇਰ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਸੜਕਾਂ ‘ਤੇ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਨੂੰ ਦੁਹਰਾਉਂਦਿਆਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਜਿਹੇ ਅੰਦੋਲਨ ਮੁਲਤਵੀ ਕਰਨ ਲਈ ਆਖਿਆ।
ਇਕ ਹੋਰ ਉਪਰਾਲਾ ਕਰਦਿਆਂ ਮੁੱਖ ਮੰਤਰੀ ਨੇ ਬੱਸ ਅੱਡਿਆਂ ਆਦਿ ਵਰਗੀਆਂ ਸਾਂਝੀਆਂ ਥਾਵਾਂ ‘ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ।
ਇਸ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਿਹਤ ਮਾਹਿਰਾਂ ਨੂੰ ਫਰੀਦਕੋਟ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕਾਂ ਸਥਾਪਤ ਕਰਨ ਲਈ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਜਦਕਿ ਪਟਿਆਲਾ ਵਿੱਚ ਸੂਬੇ ਦੀ ਪਹਿਲੀ ਪਲਾਜ਼ਮਾ ਬੈਂਕ ਦਾ ਉਦਘਾਟਨ 21 ਜੁਲਾਈ ਨੂੰ ਕੀਤਾ ਜਾ ਚੁੱਕਾ ਹੈ। ਇਸ ਦੇ ਉਦਘਾਟਨ ਦੇ ਪਹਿਲੇ ਦਿਨ ਹੀ ਚਾਰ ਦਾਨੀਆਂ ਨੇ ਬੈਂਕ ਨੂੰ ਆਪਣਾ ਪਲਾਜ਼ਮਾ ਦਿੱਤਾ।
ਉਨ੍ਹਾਂਨੇ ਕੋਵਿਡ ਦੇ ਇਲਾਜ ਉਪਰੰਤ ਸਿਹਤਯਾਬ ਹੋ ਚੁੱਕੇ ਵਿਅਕਤੀਆਂ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਆਪਣਾ ਪਲਾਜ਼ਮਾ ਦੇਣ ਲਈ ਅਪੀਲ ਕੀਤੀ। ਮੁੱਖ ਸਕੱਤਰ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਆਈ.ਏ.ਐਸ ਅਤੇ ਪੀ.ਸੀ.ਐਸ ਅਫਸਰ ਜੋ ਸਿਹਤਯਾਬ ਹੋ ਚੁੱਕੇ ਹਨ, ਨੂੰ ਵੀ ਆਪਣਾ ਪਲਾਜ਼ਮਾ ਦੇ ਕੇ ਹੋਰਨਾਂ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਹੋਮ ਗਾਰਡਜ਼ ਦੇ ਜਵਾਨ ਸਮੇਤ ਤਿੰਨ ਪੁਲੀਸ ਕਰਮੀਆਂ ਵੱਲੋਂ ਪਟਿਆਲਾ ਅਤੇ ਡੀ.ਐਮ.ਸੀ ਵਿਖੇ ਆਪਣਾ ਪਲਾਜ਼ਮਾ ਦਿੱਤਾ ਗਿਆ ਹੈ।
ਸੂਬੇ ਅੰਦਰ ਕੋਵਿਡ ਦੇ ਵਧ ਰਹੇ ਕੇਸਾਂ ਜੋ 11301 ਤੱਕ ਪਹੁੰਚ ਗਏ ਹਨ ਅਤੇ 269 ਹੋਈਆਂ ਮੌਤਾਂ ਬਾਰੇ ਚਿੰਤਾ ਜ਼ਾਹਰ ਰਕਦਿਆਂ ਮੁੱਖ ਮੰਤਰੀ ਵੱਲੋਂ ਮੁਕੰਮਲ ਸਾਵਧਾਨੀ ਲਈ ਸੱਦਾ ਦਿੰਦਿਆਂ ਡੀ.ਜੀ.ਪੀ ਨੂੰ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏ ਜਾਣ ਲਈ ਨਿਰਦੇਸ਼ ਦਿੱਤੇ ਗਏ। ਬਠਿੰਡਾ ਜ਼ਿਲ੍ਹੇ ਦੇ ਨਥਾਣਾ ਪੁਲੀਸ ਥਾਣੇ ਦੇ 28 ਕਰਮੀਆਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਬੁਖਾਰ ਜਾਂ ਫਲੂ ਵਰਗੇ ਲੱਛਣਾਂ ਵਾਲੇ ਮੁਲਾਜ਼ਮਾਂ ਨੂੰ ਦਫਤਰ ਨਾ ਆਉਣ ਦੀ ਸਲਾਹ ਦਿੱਤੀ ਅਤੇ ਆਪਣੇ ਟੈਸਟ ਜਲਦ ਤੋਂ ਜਲਦ ਕਰਵਾਉਣ ਲਈ ਆਖਿਆ। ਪੰਜਾਬ ਪੁਲੀਸ ਮੁਖੀ ਨੇ ਕਿਹਾ ਕਿ ਸਾਰੇ 28 ਪੁਲੀਸ ਕਰਮੀ ਕੁਝ ਦਿਨ ਪਹਿਲਾਂ ਕਰੋਨਾ ਪਾਜ਼ੇਟਿਵ ਪਾਏ ਗਏ ਇਕ ਸਹਾਇਕ ਸਬ ਇੰਸਪੈਕਟਰ ਦੇ ਮੁੱਢਲੇ ਸੰਪਰਕ ਵਾਲੇ ਸਨ।
ਸੂਬਾ ਪੁਲੀਸ ਮੁਖੀ ਨੇ ਮੀਟਿੰਗ ਦੌਰਾਨ ਅੱਗੇ ਦੱਸਿਆ ਕਿ ਅਜਿਹਾ ਹੀ ਇਕ ਮਾਮਲਾ ਲਹਿਰਾ ਸਬ ਡਿਵੀਜ਼ਨ ਦਾ ਸਾਹਮਣੇ ਆਇਆ ਹੈ ਜਿੱਥੇ ਲਹਿਰਾ ਪੁਲੀਸ ਥਾਣੇ, ਦੋ ਪੁਲੀਸ ਚੌਕੀਆਂ ਅਤੇ ਡੀ.ਐਸ.ਪੀ. ਆਫਿਸ ਦੇ ਇਸੇ ਹਫਤੇ ਦੋ ਤਿੰਨ ਦਿਨ ਪਹਿਲਾਂ ਕੁੱਲ 33 ਪੁਲੀਸ ਕਰਮੀ (ਕੁੱਲ ਸਟਾਫ ਦਾ 40 ਫੀਸਦ) ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਖੜਕਾਂ ਕੈਂਪਸ, ਜਿੱਥੇ ਕਰੋਨਾ ਵੱਡੇ ਪੈਮਾਨੇ ‘ਤੇ ਫੈਲਿਆ, ਵਿਖੇ 723 ਨਮੂਨਿਆਂ ਦੀਆਂ ਹੁਣ ਤੱਕ ਪ੍ਰਾਪਤ ਟੈਸਟ ਰਿਪੋਰਟਾਂ ਵਿਚੋਂ 126 ਕੇਸ ਸਾਹਮਣੇ ਆਏ ਹਨ। 133 ਕੇਸਾਂ ਦੇ ਨਤੀਜੇ ਹਾਲੇ ਆਉਣੇ ਹਨ ਜਦੋਂਕਿ 127 ਦੇ ਸੈਂਪਲ ਹਾਲੇ ਲਏ ਜਾਣੇ ਹਨ। ਸਾਰੇ ਪਾਜ਼ੇਟਿਵ ਕੇਸ ਬਿਨਾਂ ਲੱਛਣਾਂ ਵਾਲੇ ਸਨ ਅਤੇ ਇਲਾਜ ਲਈ ਬੀ.ਐਸ.ਐਫ ਹੈਡਕੁਆਰਟਰ ਜਲੰਧਰ ਵਿਖੇ ਕੋਵਿਡ ਇਲਾਜ ਕੇਂਦਰ ਵਿਖੇ ਭੇਜ ਦਿੱਤੇ ਗਏ ਹਨ।
ਜਲੰਧਰ ਅਤੇ ਲੁਧਿਆਣਾ ਵਿਖੇ ਪਾਜ਼ੇਟਿਵ ਕੇਸਾਂ ਦੀ ਦਰ ਜ਼ਿਆਦਾ ਹੋਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਨਿਗਰਾਨੀ ਅਤੇ ਟੈਸਟਿੰਗ ਵਧਾਉਣ ਲਈ ਨਿਰਦੇਸ਼ ਦਿੱਤੇ ਗਏ। ਡਾ. ਕੇ.ਕੇ.ਤਲਵਾੜ ਨੇ ਮੀਟਿੰਗ ਦੌਰਾਨ ਦੱਸਿਆ ਕਿ ਮੌਜੂਦਾ ਸਮੇਂ ਜਲੰਧਰ ਵਿਖੇ ਸੂਬੇ ਅੰਦਰ ਸਭ ਤੋਂ ਵਧੇਰੇ 18 ਮਾਈਕਰੋ ਸੀਮਤ ਜ਼ੋਨ ਹਨ।

RELATED ARTICLES

LEAVE A REPLY

Please enter your comment!
Please enter your name here

ताजा खबरें